ਦੂਜਾ ਭਾਗ ਕਿਓਂ ? ਮੈਂ ਲੇਖਕ ਨਹੀਂ ਹਾਂ | ਮੈਨੂੰ ਲਿਖਣਾ ਵੀ ਨ੍ਹੀ ਆਉਂਦਾ | ਅਸਲ 'ਚ ਲੇਖਕ ਹੋਰ ਤਰਾਂ ਦੇ ਹੁੰਦੇ ਨੇ ਸੰਕੋਚਵੇਂ ਜਿਹੇ, ਸਿਆਣੇ ਜਿਹੇ | ਮੇਰੀ ਨਾ ਅਕਲ ਲੇਖਕਾਂ ਵਰਗੀ ਨਾ ਸ਼ਕਲ | ਮੈਂ ਤਾਂ ਇਹ ਦੱਸਣਾ ਸੀ ਕਿ ਨਸ਼ਾ ਛੱਡ ਕੇ ਕਿਵੇਂ ਰਹਿਣਾ ਹੈ ਕਿਉਂਕਿ ਇਹ ਦੋਵੇਂ ਅਲੱਗ- ਅਲੱਗ ਗੱਲਾਂ ਹਨ। ਛੱਡਣਾ ਤੇ ਛੱਡ ਕੇ ਰੱਖਣਾ । ਛੱਡਣਾ ਸੌਖਾ ਹੈ, ਕੋਈ ਵੀ ਛੱਡ ਸਕਦੈ ਪਰ ਛੱਡ ਕੇ ਰੱਖਣਾ ਔਖਾ ਹੈ ਇਹ ਇਕੱਲੇ ਦੇ ਵਸ ਦਾ ਨਹੀਂ ਹੈ । ਬੰਦਾ ਫੇਰ ਦੁਬਾਰਾ ਨਸ਼ਾ ਕਰਨ ਲੱਗ ਪੈਂਦਾ ਹੈ । ਇਹਨੂੰ ਛੱਡ ਕੇ ਕਿਵੇਂ ਰੱਖਣਾ ? ਕਿਵ਼ੇਂ ਰੋਜਾਨਾ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨੈ ? ਕਿਵੇਂ ਖੁਸ਼ੀ-ਗਮੀ 'ਚ ਸਥਿਰ ਰਹਿਣਾ ...? ਸੋਚਦਾ ਸੀ ਇਕੱਲੇ-ਇਕੱਲੇ ਨੂੰ ਫੜ ਕੇ ਕਿਵੇਂ ਸਮਝਾਵਾਂ ? ਕਿਵੇਂ ਉਹਨਾਂ ਮਾਵਾਂ ਨੂੰ ਸਮਝਾਵਾਂ...ਜਿਹਨਾਂ ਦੇ ਪੁੱਤ ਇਸ ਦਲਦਲ 'ਚ ਫਸੇ ਹੋਏ ਨੇ ਤੇ ਨਿੱਕਲ ਕੇ ਫੇਰ ਫਸ ਜਾਂਦੇ ਨੇ | ਦਰਅਸਲ! ਗੱਲ ਸਿਰਫ ਐਨੀ ਕੁ ਹੀ ਨਹੀਂ ਹੈ ਕਿ ਮੈਂ ਨਸ਼ਾ ਕਰਦਾ ਸੀ ਤੇ ਫੇਰ ਚਾਰ ਦਿਨ ਤੋੜ ਕੱਟੀ, ਦਵਾਈ ਲਈ ਤੇ ਬੱਸ ਛੱਡ-ਤਾ ...ਗੱਲ ਤਾਂ ਸਗੋਂ ਇਸਤੋਂ ਬਾਅਦ ਸ਼ੁਰੂ ਹੋਈ, ਕਿੰਨੇ ਹੀ ਮੋੜ ਆਏ ਇੱਕ ਤੋਂ ਇੱਕ ਖਤਰਨਾਕ, ਕਿੰਨੀ ਵਾਰ ਤਿਲਕਦਾ-ਤਿਲਕਦਾ ਸੰਭਲਿਆ, ਆਖਰ ਉਹ ਕੀ ਸੀ, ਜਿਸਨੇ ਮੈਨੂੰ ਹੁਣ ਤੱਕ ਦੁਬਾਰਾ ਉਸ ਖੂਹ 'ਚ ਨਹੀਂ ਡਿਗਣ ਦਿੱਤਾ...ਇਹ ਸਾਰੀ ਹੱਡ ਬੀਤੀ ਹੈ ਇਸ ਭਾਗ 'ਚ ...|